50+ Best Punjabi Poems | punjabi kavita | New punjabi Kavita
ਕਬਰਾਂ ਦੇ ਵਿੱਚ ਉਹ ਵੀ,
ਲੋਕੀਂ ਦੱਬੇ ਵੇਖੇ ਮੈਂ,
ਮੌਤ ਦੇ ਕੋਲੋਂ ਸਦਾ ਹੀ,
ਜਿਹੜੇ ਡਰਦੇ ਸੀ।
ਹੱਕਾਂ ਲਈ ਜਿਨ੍ਹਾਂ ਕਦੇ,
ਅਵਾਜ ਨਾ ਚੁੱਕੀ ਸੀ,
ਨਿੱਕਲੇ ਨਾ ਉਹ ਬਾਹਰ,
ਕਦੇ ਵਿੱਚੋਂ ਘਰ ਦੇ ਸੀ।
ਮੌਤ ਦੇ ਕੋਲੋਂ ਡਰ ਕੇ,
ਵੇਖੇ ਭੱਜਦੇ ਉਹ,
ਅੰਦਰ ਵੜ ਕੇ ਰੋਜ,
ਮੌਤ ਭਾਵੇਂ ਮਰਦੇ ਸੀ।
ਗੁਲਾਮੀ ਦੇ ਵਿੱਚ ਕੱਢਲੀ,
ਜ਼ਿੰਦਗੀ ਸਾਰੀ ਬਈ,
ਗੱਲਾਂ ਦੇ ਵਿੱਚ ਦਾਅਵੇ,
ਜਿਹੜੇ ਕਰਦੇ ਸੀ।
ਜੰਜੀਰ ਤੋੜ ਕੇ ਸੁੱਟ ਦਿਓ,
ਕਹਿਣ ਗੁਲਾਮੀ ਦੀ,
ਭਗਤ ਸਿੰਘ ਨੂੰ ਮਾਰ,
ਅਵਾਜਾਂ ਧਰਦੇ ਸੀ।
ਲੈ ਜਨਮ ਤੂੰ ਕਹਿਣ,
ਫੇਰ ਇਸ ਧਰਤੀ ਤੇ,
ਸਾਡੇ ਘਰ ਨਾ ਜੰਮ ਪਈਂ,
ਨਾਲੇ ਡਰਦੇ ਸੀ।
ਆਖਿਰ ਮੌਤ ਨੇ ਇੱਕ ਦਿਨ,
ਸਭ ਨੂੰ ਆਉਣਾ ਏ,
ਬਚ ਨੀ ਸਕਦੇ ਲੱਖ,
ਭੋਰੇ ਵਿੱਚ ਵੜਦੇ ਸੀ।
ਇਹਦੇ ਨਾਲੋਂ ਚੰਗਾ,
ਰਣ ਵਿੱਚ ਜੂਝ ਮਰੋ,
ਨਾਮ ਤਾਂ ਰਹਿਜੂ ਜੱਗ ਤੇ,
ਸੱਚ ਲਈ ਅੜਦੇ ਸੀ।
ਕਲਮ ਦਿੱਤੀ ਜੇ ਮੱਲ੍ਹੀਆ,
ਸੱਚ ਨੂੰ ਲਿਖ ਲਈਏ,
ਕਿਉਂ ਮੌਤ ਤੋਂ ਡਰਦੇ,
ਹਰ ਹਰ ਕਰਦੇ ਸੀ।
ਸ਼ਮਸ਼ੇਰ ਸਿੰਘ ਮੱਲ੍ਹੀ ਪਿੰਡ ਫੂਲ
90565 62524
_________________________
ਦਰਦਾਂ ਦੀ ਫਰਦ ਲੁਹਾ ਕੇ
ਦੇਖੀਂ ਪਟਵਾਰੀ ਤੋਂ
ਕਿੰਨ੍ਹੀ ਜਾਇਦਾਦ ਜੋੜ ਲਈ
ਤੇਰੀ ਮੈਂ ਯਾਰੀ ਚੋਂ
ਸੱਧਰਾਂ ਦੀ ਸਰ੍ਹੋਂ ਸੀ ਬੀਜੀ,
ਚਾਵਾਂ ਦੇ ਛੋਲੇ ਵੇ
ਗਮੀਆਂ ਦਾ ਗੂਣਾ ਬਚਿਐ,
ਆਖਰ ਮੇਰੇ ਕੋਲੇ ਵੇ
ਹਾਉਕਿਆਂ ਦੀ ਭਰੀ ਬੁਖਾਰੀ,
ਹੰਝੂਆਂ ਦੀ ਹਾੜੀ ਚੋਂ
ਦਰਦਾਂ ਦੀ ਫਰਦ ਲੁਹਾਕੇ
ਦੇਖੀਂ ਪਟਵਾਰੀ ਤੋ
ਮੋਹ ਦਾ ਮੈਂ ਭਰਾਂ ਮਾਮਲਾ,
ਮੁਨਕਰ ਨਾ ਹੋਈ ਵੇ
ਨਿਆਂਈ ਤੂੰ ਆਪ ਸਾਂਭ ਲਈ
ਦੇ ਕੇ ਮੈਨੂੰ ਰੋਹੀ ਵੇ
ਪੀੜਾਂ ਦੀ ਪੋਹਲੀ ਪੱਟਾਂ
ਕਰਮਾਂ ਦੀ ਕਿਆਰੀ ਚੋਂ
ਦਰਦਾਂ ਦੀ ਫਰਦ ਲੁਹਾ ਕੇ
ਦੇਖੀਂ ਪਟਵਾਰੀ ਤੋਂ
ਮੁਰੱਬਿਆਂ ਦੀ ਮਾਲਕ ਹੋਗੀ,
ਗਿਣਤੀ ਕਰਵਾ ਲੈ ਵੇ
ਯਾਦਾਂ ਦੀਆਂ ਚੱਕ ਜਰੀਬਾਂ,
ਮਿਣਤੀ ਕਰਵਾ ਲੈ ਵੇ
ਸਿੰਜੀਆਂ ਨਾ ਜਾਣ ਜ਼ਮੀਨਾਂ,
ਨੈਣਾਂ ਦੀ ਵਾਰੀ ਤੋਂ
ਦਰਦਾਂ ਦੀ ਫਰਦ ਲੁਹਾ ਕੇ
ਦੇਖੀਂ ਪਟਵਾਰੀ ਤੋਂ
ਤੱਤੜੀ ਨੂੰ ਤੋੜ ਗਿਆ ਤੂੰ
ਕੱਟਕੇ ਤਰਮੀਮਾਂ ਵੇ
ਮਨ ਦਾ ਮੁਸਤਰਕਾ ਖਾਤਾ
ਕਰੀਆਂ ਤਕਸੀਮਾਂ ਵੇ
ਨਹਿਰੀ ਤੋਂ ਚਾਹੀ ਕਰਗਿਆ
ਸਦਕੇ ਹੋਸ਼ਿਆਰੀ ਤੋਂ
ਦਰਦਾਂ ਦੀ ਫਰਦ ਲੁਹਾਕੇ
ਵੇਖੀਂ ਪਟਵਾਰੀ ਤੋਂ
ਮਾਲਕ ਤੋਂ ਬਣੀ ਮੁਜਾਹਰਾ
ਮਿਲਣੇ ਨਾ ਹੱਕ ਕਦੇ
ਰਹਿਣ ਹੀ ਰਹਿਣਾ ਪੈਣਾ
ਹੋਣਾ ਨਹੀ ਫੱਕ ਕਦੇ
ਜਮੀਨਾਂ ਦੀ ਕਿਸਮਤ ਹੁੰਦੀ
ਵੱਖਰੀ ਨਾ ਨਾਰੀ ਤੋਂ
ਦਰਦਾਂ ਦੀ ਫਰਦ ਲੁਹਾਕੇ
ਵੇਖੀਂ ਪਟਵਾਰੀ ਤੋਂ
ਕਾਮੇ ਕਿਆ ਲਿਖੀਆਂ ਅੱਗੇ
ਚੱਲੀ ਨਾ ਮੇਰੀ ਵੇ
ਆਸਾਂ ਪਰ ਫਿਰ ਵੀ ਰੱਖੀਆਂ ,
ਢਾਹੀ ਨਾ ਢੇਰੀ ਵੇ
ਖੌਰੇ ਕਦ ਜੇਤੂ ਹੋਜਾਂ ,
ਸਿੱਧੂਆ ਮੈਂ ਹਾਰੀ ਤੋਂ
ਦਰਦਾਂ ਦੀ ਫਰਦ ਲੁਹਾ ਕੇ
ਦੇਖੀਂ ਪਟਵਾਰੀ ਤੋਂ…..!
ਕੁਲਵਿੰਦਰ ਸਿੱਧੂ ਕਾਮੇ ਕਾ
______________________
ਮਿਹਰ ਗਰੀਬਾਂ ਉੱਤੇ
ਵੱਡੇ ਡਾਕੂ ਮੌਜਾਂ ਮਾਨਣ,
ਛੋਟੇ ਚੜੇ ਸਲੀਬਾਂ ਉੱਤੇ।
ਭੋਲੇ ਵੈਦ ਨਾ ਦਰਦ ਪਛਾਨਣ,
ਕਾਹਦਾ ਰੋਸ ਤਬੀਬਾਂ ਉੱਤੇ।
ਅੰਬਰ ਟਾਕੀ ਲਾਉਣ ਨੂੰ ਫਿਰਦੇ,
ਸਾਰਾ ਜ਼ੋਰ ਤਰਕੀਬਾਂ ਉੱਤੇ।
ਸੱਜਣ ਹੀ ਰਹੇ ਨਸ਼ਤਰ ਚੋਭ,
ਕਾਹਦਾ ਰੰਜ ਰਕੀਬਾਂ ਉੱਤੇ।
ਤੈਨੂੰ ਤੇਰਾ ਗਰੂਰ ਮੁਬਾਰਕ,
ਸਾਨੂੰ ਮਾਣ ਕਰੀਬਾਂ ਉੱਤੇ।
ਉੱਠਦੇ ਨੇ ਪਰ ਦੂਰ ਨੀ ਜਾਂਦੇ,
ਮੋਹ ਆ ਜਾਂਦਾ ਹਬੀਬਾਂ ਉੱਤੇ।
ਹੀਲਾ ਕੀਤਿਆਂ ਹੱਲ ਨਿਕਲਦੇ,
ਸੁੱਟ ਨਾ ਡੋਰ ਨਸੀਬਾਂ ਉੱਤੇ।
ਤੇਰੇ ਦਰ ਏ ਕਾਹਦਾ ਘਾਟਾ,
ਕਰਦੇ ਮੇਹਰ ਗਰੀਬਾਂ ਉੱਤੇ।
ਸਤਨਾਮ ਕੌਰ ਤੁਗਲਵਾਲਾ
___________________________
" ਹੀਰ ਆਖਦੀ ਜੋਗੀਆ ਝੂਠ ਬੋਲੇਂ,
ਹੁਣ ਬੋਲਦੀ ਝੂਠ ਹੈ ਹੀਰ ਮੀਆਂ।
ਕਹਿੰਦੀ ਤੂੰ ਰਾਜ਼ੀ ਤੇ ਸਾਡਾ ਰੱਬ ਰਾਜ਼ੀ,
ਲਿਖੀ ਧੁਰੋਂ ਹੀ ਰੱਬ ਤਕਦੀਰ ਮੀਆਂ।
ਤੇਰੇ ਬਿਰਹੋਂ 'ਚ ਦੀਦੜੇ ਰਹਿਣ ਰੋਂਦੇ,
ਮੁੱਕ ਚੱਲਿਆ ਰੋ-ਰੋ ਨੀਰ ਮੀਆਂ।
ਬਿਨ ਤੱਕਿਆਂ ਸਾਡਾ ਨਾ ਹੱਜ ਹੋਵੇ,
ਧੀਰ ਧਰੇ ਨ ਦਿਲ ਦਿਲਗੀਰ ਮੀਆਂ।
ਸਾਨੂੰ ਮੱਕੇ ਜਾਣ ਦੀ ਲੋੜ ਕੀ ਐ,
ਗੱਲ ਤੇਰੇ 'ਤੇ ਸੁੱਟੀ ਅਖੀਰ ਮੀਆਂ।
ਵੇ ਮੈਂ ਚਾਰੇ ਵੇਦਾਂ ਤੋਂ ਕੀ ਲੈਣਾ,
ਤੈਨੂੰ ਮੰਨ ਲਿਆ ਸੁੱਚੜਾ ਪੀਰ ਮੀਆਂ।
ਭਾਵੇਂ ਉਂਗਲਾਂ ਨਾਲ ਹੀ ਚੱਟ ਰਾਂਝੇ,
ਤੈਨੂੰ ਮਿਲੀ ਬਦਾਮਾਂ ਵਾਲੀ ਖੀਰ ਮੀਆਂ।
ਸਾਡੀ ਰੂਹ ਤਾਂ ਅੰਦਰੋਂ ਇੱਕ ਹੋਈ,
ਵੱਖੋ-ਵੱਖ ਨੇ ਭਾਵੇਂ ਸਰੀਰ ਮੀਆਂ।
ਪਰ ਪੈਸੇ ਬਾਝੋਂ ਨਾ ਮਜਲਿਸਾਂ ਸੋਹਦੀਆਂ ਨੇ.......?
ਕੰਮ ਪੈਸਾ ਹੀ ਆਉਂਦਾ ਅਖੀਰ ਮੀਆਂ।
ਤੇਰੀ ਹੀਰ ਦੀ ਕੱਲ ਚੁਗਾਠ ਟੁੱਟੀ,
ਨਾਲੇ ਟੁੱਟ ਗਿਆ ਇੱਕ ਸ਼ਤੀਰ ਮੀਆਂ।
ਮੈਨੂੰ ਲੱਗਦੈ ਸਿਲੰਡਰ 'ਚੋਂ ਗੈਸ ਮੁੱਕੀ,
ਬਿਲ ਬਿਜਲੀ ਦਾ ਮਾਰਦਾ ਤੀਰ ਮੀਆਂ।
ਕਿਸ਼ਤ ਕਮੇਟੀ ਦੀ ਤੇਰੇ ਬਾਝੋਂ ਕੌਣ ਤਾਰੇ-
ਤਰਨਾ ਸਿੱਖਦੀ ਹੈ ਅਜੇ ਤਾਂ ਹੀਰ ਮੀਆਂ।
ਨਾਲੇ ਪੈਸਾ ਤਾਂ ਹੱਥਾਂ ਦੀ ਮੈਲ ਹੁੰਦੀ,
ਸੱਚ ਆਖਦੇ ਪੀਰ ਫ਼ਕੀਰ ਮੀਆਂ।
ਚੁੰਨੀ black ਤੇ ਸੂਟ ਹੈ pink ਲੈਣਾ......
ਫਿਰ ਜੱਟੀਂਓਂ ਬਣੂੰ ਮੈਂ ਹੀਰ ਮੀਆਂ।
ਹੀਲ ਵਾਲੇ ਸੈਂਡਲਾਂ ਨੂੰ ਚਿੱਤ ਕਰਦੈ,
ਗੱਲ ਚਿੱਤ ਦੀ ਦੱਸੀ ਅਖੀਰ ਮੀਆਂ।
ਚਿੱਤ ਕਰਦੈ ਕੰਨਾਂ ਵਿੱਚ ਹੋਣ ਝੁਮਕੇ ?
ਚਿੱਤ ਰਾਜ਼ੀ ਤਾਂ ਰਾਜ਼ੀ ਸਰੀਰ ਮੀਆਂ।
ਕੋਈ ਗੇੜਾ ਬੰਬਈ ਵੱਲ ਲਾ ਆਈਏ,
ਦਿਲ ਧਰੇ ਨਾ ਬੇਲੇ ਵਿੱਚ ਧੀਰ ਮੀਆਂ।
ਰੋਜ ਗਾਰਡਨ ਬਠਿੰਡੇ ਦਾ ਰੋਜ਼ ਵੇਖਾਂ,
ਅੱਕੀ ਪਈ ਹੈ ਵੇਖ-ਵੇਖ ਹੀਰ ਮੀਆਂ।
'ਦਾਨੀ' ਹੀਰ ਬਿਜਨੌਰ ਦੀ ਦਾਖ ਵਰਗੀ,
ਨਹੀਂ ਕਿਸੇ ਦਰਜ਼ੀ ਦੀ ਲੀਰ ਮੀਆਂ।
'ਫੁੱਲੋ ਮਿੱਠੀ' ਦਾ ਪਾਣੀ ਤਾਂ ਨਿੱਤ ਪਿਆਵੇਂ,
ਕਦੇ ਕੁੱਲੂ ਦਾ ਛਕ ਲਈਏ ਨੀਰ ਮੀਆਂ।
ਕਦੇ ਕੁੱਲੂ ਦਾ ਛਕ ਲਈਏ ਨੀਰ ਮੀਆਂ.....।
ਧੰਨਵਾਦ ਸਹਿਤ-
ਗੁਰਦੀਪ ਦਾਨੀ ਪਿੰਡ ਫੁੱਲੋ ਮਿੱਠੀ।
9417079316
88473-57895
_____________________
ਕਾਵਾਂ ਰੌਲੀ ਪਈ ਹੋਈ ਹੈ, ਚੀਕ ਚਿਹਾੜਾ ਪਾਈ ਜਾਂਦੇ ਨੇ।
ਆਪਣਾ ਕੰਮ ਉਹ ਕਰੀ ਜਾਂਦੇ ਨੇ, ਲੋਕਾਂ ਨੂੰ ਭੜਕਾਈ ਜਾਂਦੇ ਨੇ।
ਬਾਪੂ ਮਰ ਗਿਆ ਮੰਜੇ ਉਤੇ, ਤੜਪ ਤੜਪ ਕੇ ਪਾਣੀ ਲਈ,
ਸੁਬਹਾ ਸਵੇਰੇ ਉੱਠ ਕੇ ਉਹ, ਸੂਰਜ ਨੂੰ ਅਰਗ ਚੜ੍ਹਾਈ ਜਾਂਦੇ ਨੇ।
ਕਰੀ ਜਾਂਦਾ ਹੈ ਰੀਝਾਂ ਪੂਰੀਆਂ, ਲੈ ਕਰਜੇ ਬਾਪੂ ਬੈਂਕਾਂ ਤੋਂ,
ਤੇ ਕਰਜੇ ਹੇਠਾਂ ਦੱਬੇ ਬਾਪੂ, ਨਿੱਤ ਸਲਫਾਸਾਂ ਖਾਈ ਜਾਂਦੇ ਨੇ।
ਸਾਡੀ ਕਿਸਮਤ ਵਿਚ ਲਿਖਿਆ ਹੈ, ਪੀਣਾ ਖੂਨ ਗਰੀਬਾਂ ਦਾ,
ਤੁਹਾਡੀ ਕਿਸਮਤ ਦੇ ਵਿਚ ਟੁਕਰ, ਉਹ ਸਾਨੂੰ ਸਮਝਾਈ ਜਾਂਦੇ ਨੇ।
ਧਰਮ ਨਹੀਂ ਕੋਈ ਲਗਦਾ ਮੈਨੂੰ, ਇਹਨਾਂ ਰਾਜਨੇਤਾਵਾਂ ਦਾ,
ਇਹ ਕਿਧਰੇ ਮਸਜਿਦ ਤੋੜ ਰਹੇ ਨੇ, ਕਿਧਰੇ ਮੰਦਰ ਢਾਈ ਜਾਂਦੇ ਨੇ।
ਹੱਕ ਹਲਾਲ ਦੀ ਕਰਦੇ ਨੂੰ ਜੋ, ਮਿਹਨਤ ਨਾਲ ਕਮਾਈ,
ਇਹ ਕਮਾਈ ਹਰਾਮ ਦੀ, ਮਾਰ ਡਕਾਰ ਪਚਾਈ ਜਾਂਦੇ ਨੇ।
ਰਾਮ ਰਹੀਮ ਤਾਂ ਪਾਲ ਨਹੀਂ ਵੇਖੇ, ਤਲਵਾਰਾਂ ਤੇ ਤ੍ਰਿਸ਼ੂਲ ਫੜੀ,
ਤੜੀਪਾਰ ਜਿੰਨ੍ਹਾਂ ਦੇ ਨਾਂ ਤੇ, ਫਿਰਕਿਆਂ ਤਾਈਂ ਲੜਾਈ ਜਾਂਦੇ ਨੇ।
ਐੱਮ. ਐੱਸ. ਪਾਲ।
______________________
ਅਸੀਂ ਕੱਚੇ ਪਹਿਆਂ ਦੀ ਧੁੱਦਲ ਵਿੱਚ,
ਹੈ ਅਸਲ ਜ਼ਿੰਦਗੀ ਮਾਣੀ!
ਪੇਂਡੂ ਅਨਪੜ ਉਜੱਡ ਨਹੀ,
ਸਾਨੂੰ ਘੱਟ ਨਾ ਕਿਸੇ ਤੋਂ ਜਾਣੀ!
ਉੱਚ ਵਿਦਿਆਲਿਓਂ ਪੜੇ ਹੋਏ,
43 ਸਾਇੰਸਾਂ ਦੀ ਪੜਾਈ ਛਾਣੀ!
ਦਿੱਲੀ ਦੇ ਦੁੱਧ ਵਰਗਾ,
ਸਾਡੇ ਖੂਹ ਦੀ ਟਿੰਡ ਦਾ ਪਾਣੀ!
ਰੁੱਖ ਬਾਗ ਨੇ ਹਰ ਪਾਸੇ,
ਪੂਰਬ ਪੱਛਮ ਉਤਰ ਦੱਖਣ!
ਮੁਫਤ ਆਕਸੀਜਨ ਦਿੰਦੇ ਨੇ,
ਹਰ ਵੇਲੇ ਲੰਗਰ ਲ਼ਾਈ ਰੱਖਣ!
ਸਭ ਨੂੰ ਬਰਾਬਰ ਵੰਡਦੇ ਨੇ,
ਕਦੇ ਨਾ ਕਰਦੇ ਇਹ ਵੰਡ ਕਾਣੀ!
ਦਿੱਲੀ ਦੇ ਦੁੱਧ ਵਰਗਾ,
ਸਾਡੇ ਖੂਹ ਦੀ ਟਿੰਡ ਦਾ ਪਾਣੀ!
ਕੁਦਰਤ ਦੀਆਂ ਮਿਹਰਾਂ ਨੇ,
ਪੰਛੀ ਮਸਤ ਆਜ਼ਾਦ ਨੇ ਘੁੰਮਦੇ!
ਪਿੰਜਰਿਆਂ ਵਿੱਚ ਬੰਦ ਨਹੀ,
ਕਬੂਤਰ,ਦੇਖ ਕੇ ਬਿੱਲੀ ਨਾ ਅੱਖ ਮੁੰਦਦੇ !
ਭਾਈਵਾਲਤਾ ਯੁੱਗਾਂ ਤੋਂ,
ਸੱਚੇ ਸੁੱਚੇ ਮਿੱਤਰ ਹਾਣੀ!
ਦਿੱਲੀ ਦੇ ਦੁੱਧ ਵਰਗਾ,
ਸਾਡੇ ਖੂਹ ਦੀ ਟਿੰਡ ਦਾ ਪਾਣੀ!
ਸਾਦਾ ਪਹਿਨਦੇ ਖੁੱਲਾ ਖਾਂਦੇ ਹਾਂ,
ਸਬਜ਼ੀਆਂ,ਦੁੱਧ,ਫਲ ਸੁੱਕੇ ਮੇਵੇ!
ਜਮਾ ਕਰਨ ਦੀ ਲੋੜ ਨਹੀ,
ਜਿੰਨਾ ਚਾਹੀਏ ਝੱਟ ਰੱਬ ਦੇਵੇ!
ਦਸਾਂ ਨਹੂੰਆਂ ਦੇ ਕਿਰਤੀ ਹਾਂ,
ਸਵੇਰੇ ਸ਼ਾਮੀ ਪੜ੍ਹੀਏ ਬਾਣੀ!
ਦਿੱਲੀ ਦੇ ਦੁੱਧ ਵਰਗਾ,
ਸਾਡੇ ਖੂਹ ਦੀ ਟਿੰਡ ਦਾ ਪਾਣੀ!
———————————
ਹਰਜੀਤ ਸਿੰਘ ਗਿੱਲ
ਟਰੰਟੋ ਕਨੇਡਾ
0 Comments